ਹਾਈਕੋਰਟ ਤੋਂ ਰੈਗੂਲਰ ਜ਼ਮਾਨਤ ਮਿਲਣ ਦੇ ਬਾਵਜੂਦ ਵੀ ਕਿਉਂ ਜੇਲ੍ਹ ’ਚੋਂ ਬਾਹਰ ਨਹੀਂ ਆਏ ਸੁਖਪਾਲ ਖਹਿਰਾ

Share on Social Media

ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈ ਕੋਰਟ ਨੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ ਵਿਚ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ ਪਰ ਇਸ ਦੇ ਬਾਵਜੂਦ ਉਹ ਜੇਲ੍ਹ ’ਚੋਂ ਬਾਹਰ ਨਹੀਂ ਆ ਸਕਦੇ ਕਿਉਂਕਿ ਪੁਲਸ ਨੇ ਖਹਿਰਾ ਨੂੰ ਇਕ ਹੋਰ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਅਤੇ ਅਦਾਲਤ ਸਾਹਮਣੇ ਪੇਸ਼ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ ਤੋਂ ਬਾਅਦ 14 ਦਿਨ ਦੀ ਨਿਆਇਕ ਹਿਰਾਸਤ ਲਈ ਜੇਲ੍ਹ ’ਚ ਭੇਜ ਦਿੱਤਾ ਹੈ। ਦਰਅਸਲ ਕਪੂਰਥਲਾ ਪੁਲਸ ਨੇ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਦੋ ਕਥਿਤ ਸਾਥੀਆਂ ਖ਼ਿਲਾਫ਼ ਨਸ਼ਿਆਂ ਦੇ ਮਾਮਲੇ ‘ਚ ਗਵਾਹ ਨੂੰ ਧਮਕਾਉਣ ਦੇ ਇਲਜ਼ਾਮਾਂ ’ਚ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਪੁਲਸ ਨੇ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੂੰ ਪਿਛਲੇ ਸਾਲ ਸਤੰਬਰ ਵਿਚ ਇਕ 8 ਸਾਲ ਪੁਰਾਣੇ ਮਾਮਲੇ ’ਚ ਗ੍ਰਿਫ਼ਤਾਰ ਕਰ ਕੀਤਾ ਸੀ। ਇਹ ਮਾਮਲਾ ਡਰੱਗਜ਼ ਨਾਲ ਜੁੜਿਆ ਹੋਇਆ ਹੈ। ਅਦਾਲਤ ਨੇ ਕਿਹਾ ਕਿ ਮੁੱਢਲੀ ਜਾਂਚ ਵਿਚ ਸੁਖਪਾਲ ਖਹਿਰਾ ਖਿਲਾਫ਼ ਕੋਈ ਸਬੂਤ ਨਹੀਂ ਮਿਲਿਆ ਹੈ। ਹਾਲਾਂਕਿ, ਹਾਈ ਕੋਰਟ ਤੇ ਫ਼ੈਸਲੇ ਤੋਂ ਪਹਿਲਾਂ ਸਵੇਰੇ 3 ਵਜੇ ਸੁਖਪਾਲ ਖਹਿਰਾ ’ਤੇ ਨਵਾਂ ਮਾਮਲਾ ਦਰਜ ਵੀ ਹੋ ਗਿਆ ਸੀ।

ਦਰਅਸਲ, ਜਿਸ ਕੇਸ ਵਿਚ ਖਹਿਰਾ ਨੂੰ ਜ਼ਮਾਨਤ ਮਿਲੀ ਹੈ ਉਹ ਸਾਲ 2015 ਵਿਚ ਫਾਜ਼ਿਲਕਾ ਜ਼ਿਲ੍ਹੇ ਵਿਚ ਦਰਜ ਹੋਇਆ ਸੀ। ਸੁਖਪਾਲ ਖਹਿਰਾ ਖਿਲਾਫ਼ ਰਿਹਾਈ ਤੋਂ ਪਹਿਲਾਂ ਕਪੂਰਥਲਾ ਦੇ ਥਾਣਾ ਸੁਭਾਨਪੁਰ ’ਚ 195 ਏ ਤੇ 506 ਆਈ. ਪੀ. ਸੀ. ਤਹਿਤ ਪਰਚਾ ਕੀਤਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰੀ ਸਮੇਂ ਮੀਡੀਆ ਨਾਲ ਗੱਲ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ‘ਇਹ ਪੂਰੀ ਤਰ੍ਹਾਂ ਨਾਲ ਬਦਲਾਖੋਰੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਇਹ ‘ਬਦਲਾਅ ਦੀ ਰਾਜਨੀਤੀ ਦੀ ਗੱਲ ਕਰਦੇ ਸਨ, ਇਹ ਬਦਲਾਅ ਨਹੀਂ ਬਦਲਾ ਹੈ।”