ਲੋਕ ਸਭਾ ਚੋਣਾਂ 2024 ਤੋਂ ਪਹਿਲਾਂ INDIA ਗੱਠਜੋੜ ‘ਚ ਪੰਜਾਬ ਅੰਦਰ ਕੀ ਸਥਿਤੀ ਰਹਿਣ ਵਾਲੀ ਹੈ। ਇਹ ਹਾਲੇ ਵੀ ਸਪੱਸ਼ਟ ਨਹੀਂ ਹੋ ਸਕਿਆ। ਪੰਜਾਬ ਕਾਂਗਰਸ ਦੇ ਲੀਡਰਾਂ ਨੇ ਬੀਤੇ ਦਿਨ ਕਾਂਗਰਸ ਹਾਈਕਮਾਨ ਅੱਗੇ ਆਪਣੇ ਖੁੱਲ੍ਹ ਕੇ ਵਿਚਾਰ ਰੱਖੇ। ਹਾਈਕਮਾਨ ਨਾਲ ਹੋਈ ਮੀਟਿੰਗ ‘ਚ ਸਾਫ਼ ਆਖ ਦਿੱਤਾ ਹੈ ਕਿ ਅਸੀਂ ਚੋਣਾਂ ‘ਚ ਸਿੱਟਾਂ ਨਹੀਂ ਵੰਡਾਂਗੇ।
ਆਮ ਆਦਮੀ ਪਾਰਟੀ ਨਾਲ ਗੱਠਜੋੜ ਦੇ ਮੁੱਦੇ ‘ਤੇ ਵੰਡੀ ਦਿਖਾਈ ਦੇ ਰਹੀ ਪੰਜਾਬ ਕਾਂਗਰਸ ਦੀ ਸਿਆਸੀ ਮਾਮਲਿਆਂ ਦੀ ਕਮੇਟੀ ‘ਚ ਵੀ ਕੋਈ ਸਹਿਮਤੀ ਬਣੀ ਨਹੀਂ ਦਿਖਾਈ ਦਿੱਤੀ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਿੱਲੀ ‘ਚ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਬੈਠਕ ਬੁਲਾਈ ਸੀ। ਇਸ ਵਿਚ ਰਾਹੁਲ ਗਾਂਧੀ ਤੇ ਸੰਗਠਨ ਜਨਰਲ ਸਕੱਤਰ ਕੇਸੀ ਵੇਟਗੋਪਾਲ ਸਮੇਤ ਕਰੀਬ 30 ਪਾਰਟੀ ਆਗੂ ਸ਼ਾਮਲ ਸਨ।
ਇਸ ਬੈਠਕ ਦੌਰਾਨ ਪਾਰਟੀ ਆਗੂਆਂ ਨੇ ਇਕ ਵਾਰੀ ਮੁੜ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਾ ਕਰਨ ਦੀ ਗੱਲ ਰੱਖੀ। ਨਾਲ ਹੀ ਇਹ ਵੀ ਕਿਹਾ ਕਿ ਇਸ ਗੱਠਜੋੜ ਨਾਲ ਪੰਜਾਬ ‘ਚ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਬੈਠਕ ‘ਚ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਵੀ ਸ਼ਾਮਲ ਸਨ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੇਵੇਂਦਰ ਯਾਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸੰਗਠਨਾਤਮਕ ਵਿਸ਼ੇ ‘ਤੇ ਚਰਚਾ ਹੋਈ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਹਾਈਕਮਾਨ ਨੇ ਹਾਲੇ ਤੱਕ ਆਪ ਨਾਲ ਗੱਠਜੋੜ ਲਈ ਕੋਈ ਨਿਰਦੇਸ਼ ਨਹੀਂ ਦਿੱਤੇ।