ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਸੈਂਚੁਰੀਅਨ ‘ਚ ਖੇਡੇ ਜਾ ਰਹੇ ਟੈਸਟ ਮੈਚ ਦੇ ਦੂਜੇ ਦਿਨ ਕੇਐੱਲ ਰਾਹੁਲ ਨੇ ਸ਼ਾਨਦਾਰ ਸੈਂਕੜਾ ਲਗਾਇਆ। ਉਸ ਨੇ ਇਹ ਸੈਂਕੜਾ ਅਜਿਹੇ ਸਮੇਂ ਲਾਇਆ ਜਦੋਂ ਟੀਮ ਇੰਡੀਆ ਨੂੰ ਇਸ ਦੀ ਬਹੁਤ ਲੋੜ ਸੀ। ਜਦੋਂ ਸੁਪਰਸਪੋਰਟਸ ਪਾਰਕ ਦੀ ਪਿੱਚ ‘ਤੇ ਰੋਹਿਤ ਸ਼ਰਮਾ ਤੋਂ ਲੈ ਕੇ ਵਿਰਾਟ ਕੋਹਲੀ ਤੱਕ ਸਾਰੇ ਫਲਾਪ ਹੋ ਗਏ ਤਾਂ ਕੇਐੱਲ ਰਾਹੁਲ ਨੇ ਹੇਠਲੇ ਕ੍ਰਮ ਦੇ ਖਿਡਾਰੀਆਂ ਨਾਲ ਮਿਲ ਕੇ ਟੀਮ ਇੰਡੀਆ ਦੀ ਕਮਾਨ ਸੰਭਾਲੀ ਅਤੇ 137 ਗੇਂਦਾਂ ‘ਤੇ 101 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਕੇਐਲ ਰਾਹੁਲ ਦੀ ਇਸ ਪਾਰੀ ਦੀ ਬਦੌਲਤ ਹੀ ਟੀਮ ਇੰਡੀਆ 245 ਦੇ ਸਕੋਰ ਤੱਕ ਪਹੁੰਚ ਸਕੀ। ਇੱਥੇ ਸਭ ਤੋਂ ਖਾਸ ਗੱਲ ਇਹ ਰਹੀ ਕਿ ਕੇਐੱਲ ਰਾਹੁਲ ਨੇ ਇਸ ਖਤਰਨਾਕ ਪਿੱਚ ‘ਤੇ ਛੱਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਕੇਐਲ ਰਾਹੁਲ 95 ਦੌੜਾਂ ਬਣਾ ਕੇ ਖੇਡ ਰਹੇ ਸਨ ਅਤੇ ਭਾਰਤੀ ਟੀਮ ਨੇ 9 ਵਿਕਟਾਂ ਗੁਆ ਦਿੱਤੀਆਂ ਸਨ। ਅਜਿਹੇ ‘ਚ ਕੇਐੱਲ ਰਾਹੁਲ ਨੇ ਬਿਨਾਂ ਕਿਸੇ ਦੇਰੀ ਦੇ ਛੱਕਾ ਜੜ ਕੇ ਆਪਣਾ ਸੈਂਕੜਾ ਲਗਾਇਆ। ਉਸ ਨੇ ਇਹ ਸ਼ਾਨਦਾਰ ਛੱਕਾ ਗੇਰਾਲਡ ਕੋਏਟਜ਼ੀ ਦੀ ਗੇਂਦ ‘ਤੇ ਲਗਾਇਆ।